ਹੇਮਾ ਮਾਲਿਨੀ ਦੇ ਸੈਕਟਰੀ ਦੀ ਕੋਰੋਨਾ ਨਾਲ ਮੌਤ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਪੂਰੇ ਦੇਸ਼ ’ਚ ਕਹਿਰ ਢਾਹ ਰਿਹਾ ਹੈ। ਇਸ ਵਾਇਰਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕਰੀਬੀਆਂ ਤੋਂ ਦੂਰ ਕਰ ਦਿੱਤਾ ਹੈ। ਹਾਲ ਹੀ ’ਚ ਹੇਮਾ ਮਾਲਿਨੀ ਦੇ ਸੈਕਟਰੀ ਦਾ ਦਿਹਾਂਤ ਹੋ ਗਿਆ, ਜੋ ਉਨ੍ਹਾਂ ਦੇ ਕਾਫੀ ਨਜ਼ਦੀਕ ਸਨ। ਹੇਮਾ ਦੇ ਸੈਕਟਰੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ। ਹੇਮਾ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਹੇਮਾ ਮਾਲਿਨੀ ਨੇ ਆਪਣੇ ਸੈਕਟਰੀ ਮਹਿਤਾ ਜੀ ਨੂੰ ਉਨ੍ਹਾਂ ਦੀ ਮੌਤ ’ਤੇ ਸ਼ਰਧਾਂਜਲੀ ਦਿੱਤੀ ਹੈ। ਹੇਮਾ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਕ ਟਵੀਟ ਕੀਤਾ, ਜਿਸ ’ਚ ਉਸ ਨੇ ਲਿਖਿਆ, ‘ਭਾਰੀ ਦਿਲ ਨਾਲ ਮੈਂ ਆਪਣੇ ਸੈਕਟਰੀ ਨੂੰ ਅਲਵਿਦਾ ਕਹਿ ਰਹੀ ਹਾਂ, ਜੋ 40 ਸਾਲਾਂ ਤੋਂ ਮੇਰੇ ਨਾਲ ਸਨ। ਸਮਰਪਿਤ, ਮਿਹਨਤੀ ਤੇ ਕਦੇ ਨਾ ਥਕਣ ਵਾਲੇ ਮਹਿਤਾ ਜੀ। ਉਹ ਮੇਰੇ ਲਈ ਪਰਿਵਾਰ ਦਾ ਹਿੱਸਾ ਸਨ। ਅਸੀਂ ਉਨ੍ਹਾਂ ਨੂੰ ਕੋਵਿਡ ਕਰਕੇ ਗੁਆ ਦਿੱਤਾ ਹੈ। ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।’

ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਆਪਣੇ ਸੈਕਟਰੀ ਨਾਲ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਵੀ ਹੇਮਾ ਦੀ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਈਸ਼ਾ ਨੇ ਲਿਖਿਆ, ‘ਅਸੀਂ ਸਾਰੇ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ। ਉਹ ਸਾਡੇ ਪਰਿਵਾਰ ਦੇ ਮੈਂਬਰ ਸਨ, ਉਨ੍ਹਾਂ ਦੀ ਜਗ੍ਹਾ ਕਦੇ ਨਹੀਂ ਭਰੀ ਜਾ ਸਕਦੀ। ਉਹ ਮਾਂ ਲਈ ਸਰਵੋਤਮ ਸਨ। ਕਿੰਨਾ ਸਮਰਪਿਤ ਮਨੁੱਖ। ਤੁਹਾਡੀ ਬਹੁਤ ਯਾਦ ਆਵੇਗੀ ਮਹਿਤਾ ਅੰਕਲ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’


ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਯੁੱਗ ’ਚ ਕਈ ਫ਼ਿਲਮੀ ਸ਼ਖ਼ਸੀਅਤਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ ਹੈ। ਅਦਾਕਾਰਾ ਸੰਭਾਵਨਾ ਸੇਠ ਪਿਛਲੇ ਦਿਨੀਂ ਇਸੇ ਕਾਰਨ ਆਪਣੇ ਪਿਤਾ ਨੂੰ ਗੁਆ ਚੁੱਕੀ ਹੈ। ਹਾਲ ਹੀ ’ਚ ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਸ੍ਰੀਪ੍ਰਦਾ ਤੇ ‘ਛਿਛੋਰ’ ਦੀ ਪ੍ਰਸਿੱਧੀ ਅਦਾਕਾਰਾ ਅਭਿਲਾਸ਼ਾ ਪਾਟਿਲ ਨੇ ਇਸ ਮਹਾਮਾਰੀ ਕਾਰਨ ਦਮ ਤੋੜ ਦਿੱਤਾ।