ਆਰਿਫ ਲੋਹਾਰ ਦੀ ਮੌਤ ਦੀਆਂ ਪੰਜਾਬੀ ਕਲਾਕਾਰਾਂ ਵਲੋਂ ਉਡਾਈਆਂ ਅਫਵਾਹਾਂ ਦਾ ਜਾਣੋ ਅਸਲ ਸੱਚ

ਮਸ਼ਹੂਰ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਨੂੰ ਲੈ ਕੇ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਖ਼ਬਰਾਂ ਸਿਰਫ ਅਫਵਾਹਾਂ ਹੀ ਹਨ।

ਅਸਲ ’ਚ ਆਰਿਫ ਲੋਹਾਰ ਦੀ ਪਤਨੀ ਦੀ ਅੱਜ ਮੌਤ ਹੋਈ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਆਰਿਫ ਲੋਹਾਰ ਦੀ ਪਤਨੀ ਦੀ ਮ੍ਰਿਤਕ ਦੇਹ ਕੋਲ ਉਨ੍ਹਾਂ ਦਾ ਬੇਟਾ ਖੜ੍ਹਾ ਨਜ਼ਰ ਆ ਰਿਹਾ ਹੈ।

ਆਰਿਫ ਦੀ ਪਤਨੀ ‘ਫਾਰੂਕ ਹਸਪਤਾਲ’ ਲਾਹੌਰ ਵਿਖੇ ਦਾਖ਼ਲ ਸਨ। ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ।

ਕਈ ਪੰਜਾਬੀ ਕਲਾਕਾਰਾਂ ਵਲੋਂ ਬਿਨਾਂ ਖ਼ਬਰ ਦੀ ਪੁਸ਼ਟੀ ਕੀਤੇ ਆਰਿਫ ਲੋਹਾਰ ਦੀ ਮੌਤ ਦੀ ਅਫਵਾਹ ਫੈਲਾਈ ਜਾ ਰਹੀ ਸੀ।

ਆਰਿਫ ਨੇ ਬੀਤੇ ਦਿਨੀਂ ਪਾਕਿਸਤਾਨੀ ਸੈਲੇਬ੍ਰਿਟੀ ਸਾਹਿਬਾ ਦੇ ਸ਼ੋਅ ‘ਲਾਈਫਟਾਈਲ ਵਿਦ ਸਾਹਿਬਾ’ ਲਈ ਸ਼ੂਟ ਕੀਤਾ ਸੀ। ਇਹ ਐਪੀਸੋਡ ਈਦ ਮੌਕੇ ਪ੍ਰਸਾਰਿਤ ਹੋਵੇਗਾ।

ਦੱਸਣਯੋਗ ਹੈ ਕਿ ਆਰਿਫ ਲੋਹਾਰ ਆਪਣੇ ਗੀਤ ‘ਜੁਗਨੀ’ ਕਰਕੇ ਦੁਨੀਆ ਭਰ ’ਚ ਬੇਹੱਦ ਮਕਬੂਲ ਹੋਏ ਹਨ। ਆਰਿਫ ਦੇ ਅਨੇਕਾਂ ਅਜਿਹੇ ਗੀਤ ਹਨ, ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਲੋਂ ਵਾਰ-ਵਾਰ ਸੁਣੇ ਜਾਂਦੇ ਹਨ।