ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਸਿਧਾਰਥ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ‘ਚ ਪਾ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ, ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਦੀਆਂ ਕੁਝ ਅਨਦੇਖੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਦਾ ਵਾਇਰਲ ਹੋ ਰਿਹਾ ਵੀਡੀਓ ਉਨ੍ਹਾਂ ਦੇ ਫੈਨ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਉਥੇ ਹੀ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਹਿਨਾਜ਼ ਦਾ ਨਵਾਂ ਵੀਡੀਓ ਹੈ। ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਦੀਆਂ ਅੱਖਾਂ ਕਾਫੀ ਸੁੱਜੀਆਂ ਨਜ਼ਰ ਆ ਰਹੀਆਂ ਹਨ। ਉਥੇ ਹੀ ਵੀਡੀਓ ‘ਚ ਸ਼ਹਿਨਾਜ਼ ਕਾਫੀ ਦੁਖੀ ਹੋ ਕੇ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਇਸ ਵੀਡੀਓ ‘ਚ ਸ਼ਹਿਨਾਜ਼ ਬਹੁਤ ਹੀ ਖ਼ੂਬਸੂਰਤੀ ਨਾਲ ਗੀਤ ‘ਰੋਈ ਨਾ’ ਗਾਉਂਦੀ ਨਜ਼ਰ ਆ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੁਰਾਣਾ ਹੈ। ਸਿਧਾਰਥ ਤੋਂ ਬਾਅਦ ਜਦੋਂ ਇਹ ਵਾਇਰਲ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਵੀਡੀਓ ‘ਤੇ ਟਿੱਪਣੀ ਦੌਰਾਨ ਲੋਕ ਭਾਵੁਕ ਹੋ ਰਹੇ ਹਨ। ਕਈ ਟੁੱਟੇ ਦਿਲ ਦੇ ਇਮੋਜੀ ਸਾਂਝੇ ਕਰ ਰਹੇ ਹਨ ਅਤੇ ਕੋਈ ਕਹਿ ਰਿਹਾ ਹੈ ਕਿ ਇਹ ਗਾਣਾ ਸ਼ਾਇਦ ਇਸ ਦਿਨ ਲਈ ਗਾਇਆ ਗਿਆ ਸੀ।