ਬੇਟੇ ਨੂੰ 3 ਕਰੋੜ ਦੀ ਗੱਡੀ ਗਿਫ਼ਟ ਕਰਨ ਦੇ ਸਵਾਲ ’ਤੇ ਸੋਨੂੰ ਸੂਦ ਨੇ ਤੋੜੀ ਚੁੱਪੀ

ਬਾਲੀਵੁੱਡ ਦੇ ਅਸਲ ਜ਼ਿੰਦਗੀ ਦੇ ਹੀਰੋ ਬਣ ਚੁੱਕੇ ਸੋਨੂੰ ਸੂਦ ਨੇ ਆਪਣੇ ਬੇਟੇ ਨੂੰ ਮਰਸਿਡੀਜ਼ ਗੱਡੀ ਗਿਫ਼ਟ ਕੀਤੇ ਜਾਣ ਦੀ ਖ਼ਬਰ ’ਤੇ ਚੁੱਪੀ ਤੋੜੀ ਹੈ। ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਸੋਨੂੰ ਸੂਦ ਨੇ ਆਪਣੇ ਬੇਟੇ ਨੂੰ 3 ਕਰੋੜ ਰੁਪਏ ਦੀ ਲਗਜ਼ਰੀ ਗੱਡੀ ਤੋਹਫ਼ੇ ’ਚ ਦਿੱਤੀ ਹੈ। ਸੋਨੂੰ ਸੂਦ ਨੇ ਵਾਇਰਲ ਹੋ ਰਹੀਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਦਾਅਵਿਆਂ ’ਚ ਕੋਈ ਸੱਚਾਈ ਨਹੀਂ ਹੈ।

ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ’ਚ ਸੋਨੂੰ ਸੂਦ ਨੇ ਕਿਹਾ, ‘ਇਸ ਖ਼ਬਰ ’ਚ ਕੋਈ ਸੱਚਾਈ ਨਹੀਂ ਹੈ। ਮੈਂ ਆਪਣੇ ਬੇਟੇ ਲਈ ਕੋਈ ਕਾਰ ਨਹੀਂ ਖਰੀਦੀ ਹੈ। ਉਹ ਗੱਡੀ ਸਾਡੇ ਘਰ ਸਿਰਫ ਟਰਾਇਲ ਲਈ ਆਈ ਸੀ। ਅਸੀਂ ਸਿਰਫ ਟੈਸਟ ਡਰਾਈਵ ਲਈ ਗਏ ਸੀ। ਅਸੀਂ ਉਹ ਗੱਡੀ ਖਰੀਦੀ ਨਹੀਂ ਹੈ।’ ਜਿਥੋਂ ਤਕ ਇਸ ਖ਼ਬਰ ਨੂੰ ਫਾਦਰਜ਼ ਡੇਅ ਵਾਲਾ ਐਂਗਲ ਦਿੱਤੇ ਜਾਣ ਦੀ ਗੱਲ ਹੈ ਤਾਂ ਸੋਨੂੰ ਨੇ ਅਜਿਹੀਆਂ ਖ਼ਬਰਾਂ ਦੀ ਵੀ ਨਿੰਦਿਆ ਕੀਤੀ ਹੈ।

ਅਦਾਕਾਰ ਨੇ ਕਿਹਾ, ‘ਪਤਾ ਨਹੀਂ ਇਸ ਸਭ ’ਚ ਫਾਦਰਜ਼ ਡੇਅ ਵਾਲਾ ਐਂਗਲ ਕਿਥੋਂ ਆ ਗਿਆ। ਫਾਦਰਜ਼ ਡੇਅ ’ਤੇ ਮੈਂ ਆਪਣੇ ਬੇਟੇ ਨੂੰ ਕਾਰ ਗਿਫ਼ਟ ਕਿਉਂ ਕਰਾਂਗਾ, ਸਗੋਂ ਲੋਕਾਂ ਨੂੰ ਖ਼ੁਦ ਸੋਚਣਾ ਚਾਹੀਦਾ ਹੈ ਕਿ ਇਸ ਮੌਕੇ ’ਤੇ ਕੀ ਉਸ ਨੂੰ ਮੈਨੂੰ ਕੁਝ ਤੋਹਫ਼ਾ ਨਹੀਂ ਦੇਣਾ ਚਾਹੀਦਾ ਸੀ? ਆਖਿਰਕਾਰ ਉਹ ਮੇਰਾ ਦਿਨ ਹੈ। ਮਜ਼ਾਕ ਆਪਣੀ ਜਗ੍ਹਾ ਹੈ ਪਰ ਇਸ ਮੌਕੇ ’ਤੇ ਮੇਰੇ ਲਈ ਸਭ ਤੋਂ ਵਧੀਆ ਤੋਹਫ਼ਾ ਇਹ ਹੋ ਸਕਦਾ ਹੈ ਕਿ ਮੇਰੇ ਬੱਚੇ ਮੇਰੇ ਨਾਲ ਸਮਾਂ ਬਤੀਤ ਕਰਨ।’

ਸੋਨੂੰ ਸੂਦ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਬੱਚੇ ਵੱਡੇ ਹੋ ਰਹੇ ਹਨ, ਇਸ ਲਈ ਇਕੱਠਿਆਂ ਸਮਾਂ ਬਤੀਤ ਕਰਨਾ ਵੀ ਲਗਜ਼ਰੀ ਲੱਗਦਾ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਵੀ ਨਿੱਜੀ ਜ਼ਿੰਦਗੀ ਹੈ, ਇਸ ਲਈ ਉਹ ਉਸ ਲਈ ਵੀ ਸਮਾਂ ਕੱਢਦੇ ਹਨ। ਅਜਿਹੇ ’ਚ ਪਿਤਾ ਨਾਲ ਸਮਾਂ ਬਤੀਤ ਕਰਨਾ ਵੀ ਆਪਣੇ ਆਪ ’ਚ ਇਕ ਵੱਡੀ ਗੱਲ ਹੈ।