ਇੱਕੋ ਪਿੰਡ ਤੇ ਇੱਕੋ ਪਰਿਵਾਰ ਦੀਆਂ ਦੋ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ, ਇਲਾਕੇ ‘ਚ ਛਿੜੇ ਚਰਚੇ

ਸਾਡੇ ਸਮਾਜ ਵਿੱਚ ਵਿਆਹ ਨਾਲ ਔਰਤ ਅਤੇ ਮਰਦ ਦੇ ਪਵਿੱਤਰ ਰਿਸ਼ਤੇ ਨਾਲ ਗ੍ਰਹਿਸਤੀ ਜੀਵਨ ਦਾ ਮੁੱਢ ਬੱਝਦਾ ਹੈ ਪਰ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਮੁੰਡਿਆਂ ਦੇ ਨਾਲ ਕੁੜੀਆਂ ਦੀ ਸੋਚ ‘ਚ ਵੀ ਭਾਰੀ ਤਬਦੀਲੀ ਆਈ ਹੈ। ਜਿਸ ਦਾ ਪ੍ਰਭਾਵ ਮੈਟਰੋ ਸ਼ਹਿਰਾਂ ਨੂੰ ਛੱਡਕੇ ਹੁਣ ਆਮ ਪਿੰਡਾਂ ਵਿੱਚ ਵੀ ਦਿਖਾਈ ਦੇਣ ਲੱਗਿਆ ਹੈ। ਜਿਸਦੀ ਤਾਜ਼ਾ ਮਿਸਾਲ ਪਿੰਡ ਸਵੱਦੀ ਕਲਾਂ ਵਿਖੇ ਵੇਖਣ ਨੂੰ ਮਿਲੀ, ਜਿੱਥੇ ਇੱਕੋ ਪਿੰਡ ਤੇ ਇੱਕੋ ਦਲਿਤ ਪਰਵਿਾਰ ਦੇ ਅੰਸ਼ ਦੀਆਂ ਲੜਕੀਆਂ ਨੇ ਆਪਸ ‘ਚ ਵਿਆਹ ਕਰਵਾ ਕੇ ਦੁਨਿਆਵੀਂ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਦਿੱਤਾ। ਦੋਵਾਂ ਲੜਕੀਆਂ ਦੇ ਵਿਆਹ ਦੀ ਵਾਇਰਲ ਹੋ ਰਹੀ ਵੀਡੀਓ ਨੇ ਇਲਾਕੇ ਭਰ ਦੇ ਲੋਕਾਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਜਿਸ ਵਿੱਚ ਇੱਕ ਲੜਕੀ ਦੂਜੀ ਲੜਕੀ ਦੇ ਵਰਮਾਲਾ ਅਤੇ ਸੰਧੂਰ ਪਾ ਰਹੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਲੜਕੀ ਦੇ ਪਿਤਾ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 23 ਜੂਨ ਨੂੰ ਘਰ ਤੋਂ ਚਲੀ ਗਈ ਸੀ। ਜਿਸ ਦੀ ਰਿਪੋਰਟ ਉਨ੍ਹਾਂ ਪੁਲਸ ਚੌਕੀ ਭੂੰਦੜੀ ਵਿਖੇ ਦਰਜ਼ ਕਰਵਾਈ ਸੀ। ਉਨ੍ਹਾਂ ਕਿਹਾ ਕਿ ਉਕਤ ਘਟਨਾ ਦਾ ਪਤਾ ਉਨ੍ਹਾਂ ਨੂੰ ਵਾਇਰਲ ਵੀਡੀਓ ਰਾਹੀਂ ਲੱਗਿਆ ਕਿ ਉਸਦੀ ਲੜਕੀ ਨੇ ਉਸਦੇ ਹੀ ਭਰਾ ਲੱਗਦੇ ਨੰਦ ਕੁਮਾਰ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਮ ਇਸਨੂੰ ਮਾਨਤਾ ਨਹੀ ਦਿੰਦਾ ਤੇ ਉਹ ਵੀ ਇਸਦੇ ਸਖ਼ਤ ਖ਼ਿਲਾਫ਼ ਹਨ। ਜਿਸ ਕਾਰਨ ਉਨ੍ਹਾਂ ਵਲੋਂ ਲੜਕੀ ਨਾਲੋਂ ਨਾਤਾ ਤੋੜ ਲਿਆ ਗਿਆ ਹੈ ਤੇ ਉਨ੍ਹਾਂ ਦਾ ਲੜਕੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ, ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਲੜਕੀਆਂ ਨੂੰ ਪਿੰਡ ਵਿੱਚ ਨਾ ਰਹਿਣ ਦਿੱਤਾ ਜਾਵੇ। ਇਸ ਸੰਬੰਧੀ ਪੱਖ ਜਾਣਨ ਲਈ ਜਦੋਂ ਉਕਤ ਲੜਕੀਆਂ ਨਾਲ ਫੋਨ ‘ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਸਮੁੱਚੇ ਪਿੰਡ ਵਾਸੀਆਂ ਦਾ ਇਕੱਠ ਕਰਕੇ ਲਿਆ ਜਾਵੇਗਾ ਸਾਂਝਾ ਫੈਸਲਾ-ਸਰਪੰਚ ਲਾਲ ਸਿੰਘ ਸਵੱਦੀ
ਇਸ ਮਾਮਲੇ ‘ਤੇ ਸਰਪੰਚ ਲਾਲ ਸਿੰਘ ਸਵੱਦੀ ਨੇ ਕਿਹਾ ਕਿ ਉਕਤ ਘਟਨਾ ਕਰਕੇ ਸਮੁੱਚੇ ਪਿੰਡ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੇ ਲੜਕੀ ਦੇ ਪਿਤਾ ਵੱਲੋਂ ਦੋਵਾਂ ਲੜਕੀਆਂ ਨੂੰ ਪਿੰਡ ਵਿੱਚ ਨਾ ਰਹਿਣ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਸੰਬੰਧੀ ਸਮੁੱਚੇ ਪਿੰਡ ਦੀ ਇਕੱਤਰਤਾ ਕੀਤੀ ਜਾ ਰਹੀ ਹੈ। ਜੋ ਵੀ ਸਮੁੱਚੇ ਪਿੰਡ ਵਾਸੀਆਂ ਦੀ ਲੋਕ ਰਾਏ ਹੋਵੇਗੀ ਉਸਨੂੰ ਕਾਨੂੰਨ ਦੀ ਰੌਸ਼ਨੀ ‘ਚ ਦੇਖਦਿਆਂ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਕੀ ਕਹਿਣਾ ਹੈ ਭੂੰਦੜੀ ਪੁਲਸ ਚੌਕੀ ਇੰਚਾਰਜ ਦਾ
ਜਦ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲੜਕੀ ਦੇ ਪਿਤਾ ਬਿੱਲੂ ਵੱਲੋਂ ਆਪਣੀ ਲੜਕੀ ਖ਼ਿਲਾਫ਼ ਸ਼ਿਕਾਇਤ ਆਈ ਸੀ। ਜਿਸ ‘ਤੇ ਦੋਹਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਵੀ ਹੋ ਗਿਆ ਸੀ ਕਿ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਦੋਵੇਂ ਲੜਕੀਆਂ ਪਿੰਡ ਤੋਂ ਬਾਹਰ ਜਿੱਥੇ ਮਰਜ਼ੀ ਰਹਿਣ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਉਹ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ।

Posted in News