ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਹੜ੍ਹਾਂ ਕਾਰਨ ਕਈ ਜਾਨਾਂ ਗਈਆਂ ਹਨ। ਸ਼ਨੀਵਾਰ ਅਤੇ ਸੋਮਵਾਰ ਦਰਮਿਆਨ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਹਿੱਸੇ ਅਤੇ ਸੂਬੇ ਦੇ ਅੰਦਰੂਨੀ ਹਿੱਸੇ ਵਿੱਚ ਪ੍ਰਮੁੱਖ ਸੜਕਾਂ ਹੜ੍ਹਾਂ ਵਿੱਚ ਡੁੱਬ ਗਈਆਂ। ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਗਿਆ ਹੈ।
ਬੜੀ ਮੰਦਭਾਗੀ ਖਬਰ ਹੈ ਇਹ। ਫਸਿਆਂ ‘ਚੋਂ ਬਹੁਤ ਸਾਰੇ ਲੋਕ ਘਬਰਾਏ ਹੋਏ ਹਨ। ਕਈਆਂ ਨੂੰ ਕੋਈ ਨਾ ਕੋਈ ਬਿਮਾਰੀ ਵੀ ਹੁੰਦੀ। ਔਖਾ ਸਮਾਂ ਹੈ ਪਰ ਰਲ-ਮਿਲ ਕੇ ਨਿਕਲ ਜਾਵੇਗਾ।
ਇੱਕ ਟਰੱਕਰ ਮੁਤਾਬਕ 600 ਦੇ ਕਰੀਬ ਟਰੱਕ ਚਾਲਕ ਹੋਪ ਦੇ ਆਲੇ ਦੁਆਲੇ ਫਸੇ ਹੋਏ ਹਨ। ਕਾਰਾਂ ਵਾਲੇ ਤਾਂ ਅੱਜ ਹਾਈਵੇਅ 7 ਰਾਹੀਂ ਕਾਫੀ ਨਿਕਲ ਆਏ ਹਨ, ਕਈਆਂ ਨੂੰ ਹੈਲੀਕਾਪਟਰ ਲੈ ਗਏ ਹਨ। ਕੋਲ ਇੱਕ ਮੂਲ-ਵਾਸੀਆਂ ਦਾ ਪਿੰਡ ਹੈ, ਉੱਥੇ ਵੀ ਲੋੜ ਹੈ।
ਅੱਜ ਗੁਰਦੁਆਰ ਦਸਮੇਸ਼ ਦਰਬਾਰ ਸਰੀ ਤੋਂ ਲੰਗਰ ਤਿਆਰ ਹੋ ਕੇ ਹੈਲੀਕਾਪਟਰ ਰਾਹੀਂ ਦੁਪਿਹਰੇ ਇਨ੍ਹਾਂ ਟਰੱਕਰਾਂ ਅਤੇ ਮੂਲ-ਵਾਸੀਆਂ ਦੇ ਪਿੰਡ ਜਾ ਰਿਹਾ। ਸਰੀ ਅਤੇ ਐਬਸਫੋਰਡ ਦੇ ਹੋਰ ਗੁਰਦੁਆਰਾ ਸਾਹਿਬਾਨ ਤੋਂ ਵੀ ਸੰਗਤ ਦਿਨ-ਰਾਤ ਇੱਕ ਕਰਕੇ ਲੰਗਰ ਅਤੇ ਲੋੜੀਂਦਾ ਸਮਾਨ ਭਿਜਵਾ ਰਹੀ ਹੈ। ਸੰਗਤ ਦੇ ਚਰਨਾਂ ‘ਚ ਸਿਜਦਾ ਹੈ।
ਜਿਹੜੇ ਲੋਕ ਪਾੜ ਦੇ ਦੂਜੇ ਪਾਸੇ ਖੜ੍ਹੇ ਹਨ, ਉਨ੍ਹਾਂ ਲਈ ਕਿਲੋਨਾ, ਕੈਮਲੂਪਸ, ਐਡਮਿੰਟਨ, ਕੈਲਗਰੀ ਅਤੇ ਹੋਰ ਸ਼ਹਿਰਾਂ ਤੋਂ ਲੰਗਰ ਪੁੱਜ ਰਿਹਾ।
ਹਾਲੇ ਵੀ ਮੈਟਰੋ ਵੈਨਕੂਵਰ ਸੜਕੀ ਅਤੇ ਰੇਲ ਆਵਾਜਾਈ ਲਈ ਬਾਕੀ ਕੈਨੇਡਾ ਨਾਲੋਂ ਕੱਟਿਆ ਹੋਇਆ ਹੈ। ਸਭ ਕੁਝ ਆਮ ਵਰਗਾ ਹੋਣ ਨੂੰ ਕਈ ਹਫਤੇ ਜਾਂ ਕਈ ਮਹੀਨੇ ਲੱਗਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਢੋਆ ਢੁਆਈ ਰੁਕ ਜਾਣੀ, ਵਾਇਆ ਅਮਰੀਕਾ ਚਲਦੀ ਰਹਿਣੀ। ਖਾਣ-ਪੀਣ ਵਰਤਣ ਵਾਲਾ ਸਮਾਨ ਵਾਇਆ ਅਮਰੀਕਾ ਅਤੇ ਅਮਰੀਕਾ ਤੋਂ ਆਉਂਦਾ-ਜਾਂਦਾ ਰਹਿਣਾ। ਕਾਹਲੇ ਪੈ ਕੇ ਵਾਧੂ ਸਮਾਨ ਜਮ੍ਹਾਂ ਕਰਨ ਦੀ ਲੋੜ ਨਹੀਂ।