19 ਸਾਲ ਦੀ ਲੜਕੀ ਨੇ 67 ਸਾਲ ਦੇ ਬਜ਼ੁਰਗ ਨਾਲ ਕੀਤਾ ਵਿਆਹ, ਫਿਰ ਸੁਰੱਖਿਆ ਮੰਗਣ ਲਈ ਪਹੁੰਚੀ ਹਾਈ ਕੋਰਟ

ਅਜਬ ਪ੍ਰੇਮ ਦੀ ਗਜਬ ਕਹਾਣੀ : 19 ਸਾਲ ਦੀ ਲੜਕੀ ਨੇ 67 ਸਾਲ ਦੇ ਬਜ਼ੁਰਗ ਨਾਲ ਕੀਤਾ ਵਿਆਹ, ਫਿਰ ਸੁਰੱਖਿਆ ਮੰਗਣ ਲਈ ਪਹੁੰਚੀ ਹਾਈ ਕੋਰਟ

ਹਰਿਆਣਾ ’ਚ ਅਜਬ ਪ੍ਰੇਮ ਦੀ ਗਜਬ ਕਹਾਣੀ ਵਰਗਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੋਮਵਾਰ ਨੂੰ ਇਸ ਕਹਾਣੀ ਨੂੰ ਸੱਚ ਸਾਬਕ ਕਰਦਾ ਇਕ ‘ਬੇਮੇਲ’ ਪ੍ਰੇਮੀ ਜੋੜਾ ਪਹੁੰਚਿਆ। ਮਾਮਲੇ ਅਨੁਸਾਰ, 19 ਸਾਲਾ ਇਕ ਲੜਕੀ ਨੂੰ 67 ਸਾਲਾ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਦੋਵਾਂ ਨੇ ਵਿਆਹ ਕਰ ਲਿਆ। ਹੁਣ ਇਸ ਪ੍ਰੇਮੀ ਜੋੜੇ ਨੂੰ ਆਪਣੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਲੱਗ ਰਿਹਾ ਹੈ। ਅਜਿਹੇ ’ਚ ਉਸ ਨੇ ਸੁਰੱਖਿਆ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਹੈ। ਇਸ ਅਜੀਬ ਬੇਮੇਲ ਪ੍ਰੇਮੀ ਜੋੜੇ ਨੂੰ ਦੇਖ ਕੇ ਹਾਈ ਕੋਰਟ ਦੇ ਜੱਜ ਵੀ ਹੈਰਾਨ ਰਹਿ ਗਏ। ਮਾਮਲੇ ਦੀ ਗੰਭੀਰਾਤ ਨੂੰ ਵੇਖਦੇ ਹੋਏ ਹਾਈ ਕੋਰਟ ਨੇ ਮਾਮਲੇ ’ਚ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਮਾਮਲਾ ਹਰਿਆਣਾ ਦੇ ਪਲਵਲ ਦੇ ਇਕ ਮੁਸਲਿਮ ਪ੍ਰੇਮੀ ਜੋੜੇ ਦਾ ਹੈ। ਜਾਣਕਾਰੀ ਅਨੁਸਾਰ, 19 ਸਾਲ ਦੀ ਇਕ ਲੜਕੀ ਨੂੰ ਖੇਤੀ ਦਾ ਕੰਮ ਕਰਨ ਵਾਲੇ 67 ਸਾਲ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਇਸ ਦਾ ਪਤਾ ਲੜਕੀ ਦੇ ਪਰਿਵਾਰ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਲੜਕੀ ਆਪਣੇ ਪ੍ਰੇਮੀ ਨਾਲ ਰਹਿਣ ਲੱਗੀ ਅਤੇ ਦੋਵਾਂ ਨੇ ਨਿਕਾਹ ਕਰ ਲਿਆ। ਹੁਣ ਦੋਵਾਂ ਨੂੰ ਪਰਿਵਾਰ ਤੋਂ ਜਾਨ ਦਾ ਖ਼ਤਰਾ ਦੱਸ ਕੇ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ।

ਦੋਵਾਂ ਨੇ ਹਾਈ ਕੋਰਟ ’ਚ ਦਾਇਰ ਆਪਣੀ ਅਰਜ਼ੀ ’ਚ ਕਿਹਾ ਕਿ ਉਹ ਵਿਆਹ ਕਰ ਕੇ ਇਕੱਠੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਪਰਿਵਾਰ ਤੋਂ ਜਾਨ ਦਾ ਖ਼ਤਰਾ ਹੈ। ਇਸ ਲਈ ਹਾਈ ਕੋਰਟ ਉਨ੍ਹਾਂ ਸੁਰੱਖਿਆ ਦੇ ਆਦੇਸ਼ ਜਾਰੀ ਕਰੇ। ਹਾਈ ਕੋਰਟ ਦੇ ਜਸਟਿਸ ਜੇਐੱਸ ਪੁਰੀ ਨੇ ਮਾਮਲੇ ’ਚ ਸ਼ੱਕ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਕੁਝ ਛੁਪਾਇਆ ਜਾ ਰਿਹਾ ਹੈ। ਕਿਵੇਂ ਇਕ 19 ਸਾਲ ਦੀ ਲੜਕੀ 67 ਸਾਲ ਦੇ ਪੁਰਸ਼ ਨਾਲ ਵਿਆਹ ਕਰ ਸਕਦੀ ਹੈ। ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਕਈ ਚੀਜ਼ਾਂ ਸਪੱਸ਼ਟ ਨਹੀਂ ਹਨ। ਮਸਲਨ ਕੀ ਇਹ ਪੁਰਸ਼ ਦਾ ਪਹਿਲਾ ਵਿਆਹ ਹੈ ਜਾਂ ਇਕ ਤੋਂ ਜ਼ਿਆਦਾ। ਹੋ ਸਕਦਾ ਹੈ ਕਿ ਇਸ ਮਾਮਲੇ ’ਚ ਲੜਕੀ ’ਤੇ ਕੋਈ ਦਬਾਅ ਹੋਵੇ।

ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪਲਵਲ ਦੇ ਐੱਸਪੀ ਨੂੰ ਆਦੇਸ਼ ਜਾਰੀ ਕੀਤਾ ਕਿ ਇਕ ਟੀਮ ਦਾ ਗਠਨ ਕਰੇ ਜਿਸ ’ਚ ਮਹਿਲਾ ਪੁਲਿਸ ਕਰਮੀ ਵੀ ਸ਼ਾਮਲ ਹੋਵੇ। ਇਹ ਟੀਮ ਲੜਕੀ ਨੂੰ ਸੁਰੱਖਿਆ ਮੁਹੱਈਆ ਕਰਵਾਏ। ਟੀਮ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਕਿ ਵਿਅਕਤੀ ਦਾ ਇਹ ਕਿਹੜਾ ਵਿਆਹ ਹੈ, ਇਸ ਮਾਮਲੇ ਦਾ ਪਿਛੋਕੜ ਵੀ ਜਾਂਚਿਆ ਜਾਵੇ ਤੇ ਤਹਿ ਤਕ ਪਹੁੰਚਿਆ ਜਾਵੇ। ਵਿਅਕਤੀ ਦੀ ਪਿਛਲੇ ਇਤਿਹਾਸ ਦੀ ਵੀ ਜਾਂਚ ਕੀਤੀ ਜਾਵੇ। ਲੜਕੀ ਨੂੰ ਇਲਾਕਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰ ਕੇ ਉਸ ਦੇ ਬਿਆਨ ਦਰਜ ਕਰਵਾਏ ਜਾਣ ਤੇ ਉਸ ਤੋਂ ਬਅਦ ਐੱਸਪੀ ਹਾਈ ਕੋਰਟ ’ਚ ਇਸ ਸਬੰਧੀ ਵਿਸਥਾਰਿਤ ਜਵਾਬ ਦਾਇਰ ਕਰੇ। ਹਾਈ ਕੋਰਟ ਨੇ ਐੱਸਪੀ ਨੂੰ ਇਕ ਹਫ਼ਤੇ ਦੇ ਅੰਦਰ ਇਹ ਪੂਰੀ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।