ਨਵੀਂ ਦਿੱਲੀ – ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਨੇ ਅਜਿਹਾ ਟਵੀਟ ਕੀਤਾ ਕਿ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਆਪਣੀ ਨੌਕਰੀ ਛੱਡਣ ਅਤੇ ਇੱਕ Influencer ਬਣਨ ਬਾਰੇ ਸੋਚ ਰਹੇ ਹਨ। ਮਸਕ ਨੇ ਟਵੀਟ ਕੀਤਾ ਕਿ “ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰ੍ਹਾਂ Influencer ਬਣਨ ਬਾਰੇ ਸੋਚ ਰਿਹਾ ਹਾਂ।”
ਹਾਲਾਂਕਿ, ਸੋਸ਼ਲ ਮੀਡੀਆ ‘ਤੇ ਮਸਕ ਦੇ ਇਸ ਐਕਸ਼ਨ ਤੋਂ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਹ ਟੇਸਲਾ ‘ਚ ਆਪਣਾ ਅਹੁਦਾ ਛੱਡਣ ਨੂੰ ਲੈ ਕੇ ਗੰਭੀਰ ਹਨ ਜਾਂ ਨਹੀਂ। ਐਲੋਨ ਮਸਕ ਰਾਕੇਟ ਨਿਰਮਾਤਾ ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਵੀ ਹਨ। ਇਸ ਦੇ ਨਾਲ, ਉਹ ਬ੍ਰੇਨ-ਚਿੱਪ ਸਟਾਰਟਅੱਪ ਨਿਊਰਲਿੰਕ ਅਤੇ ਬੁਨਿਆਦੀ ਢਾਂਚਾ ਫਰਮ ਦਿ ਬੋਰਿੰਗ ਕੰਪਨੀ ਦੀ ਅਗਵਾਈ ਕਰਦੇ ਹਨ। ਮਸਕ ਨੇ ਜਨਵਰੀ ਵਿਚ ਇੱਕ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੂੰ ਕਈ ਸਾਲਾਂ ਤੱਕ ਟੇਸਲਾ ਦੇ ਸੀਈਓ ਬਣੇ ਰਹਿਣ ਦੀ ਉਮੀਦ ਹੈ।
thinking of quitting my jobs & becoming an influencer full-time wdyt
— Elon Musk (@elonmusk) December 10, 2021
ਐਲੋਨ ਮਸਕ ਹੁਣ ਤੱਕ ਕੰਪਨੀ ਦੇ 12 ਬਿਲੀਅਨ ਡਾਲਰ (ਕਰੀਬ 91,000 ਕਰੋੜ ਰੁਪਏ) ਦੇ ਸ਼ੇਅਰ ਵੀ ਵੇਚ ਚੁੱਕੇ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਐਲੋਨ ਮਸਕ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ ਘੱਟ ਕੇ 266 ਬਿਲੀਅਨ ਡਾਲਰ ਰਹਿ ਗਈ ਹੈ। ਟੇਸਲਾ ਦੇ ਸ਼ੇਅਰ ਟੁੱਟਣ ਕਾਰਨ ਮਸਕ ਦੀ ਸੰਪੱਤੀ ‘ਚ ਇੱਕ ਦਿਨ ‘ਚ 16 ਅਰਬ ਡਾਲਰ (ਕਰੀਬ 1.21 ਲੱਖ ਕਰੋੜ ਰੁਪਏ) ਦੀ ਭਾਰੀ ਗਿਰਾਵਟ ਆਈ ਹੈ।