ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੀ. ਐੱਮ. ਸੀ. ਨੇ ਕੀਤੀ ਕਰੀਨਾ ਕਪੂਰ ਦੀ ਰਿਹਾਇਸ਼ੀ ਇਮਾਰਤ ਸੀਲ

0
142

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਰਿਹਾਇਸ਼ੀ ਇਮਾਰਤਾਂ ’ਚ ਆਰ. ਟੀ. ਪੀ. ਸੀ. ਆਰ. ਟੈਸਟ ਕੀਤਾ ਜਾਵੇਗਾ। ਬੀ. ਐੱਮ. ਸੀ. ਵੀ ਪੂਰੀ ਬਿਲਡਿੰਗ ’ਚ ਸੈਨੀਟਾਈਜ਼ੇਸ਼ਨ ਕਰਵਾਏਗੀ।

ਬੀ. ਐੱਮ. ਸੀ. ਨੇ ਉਸ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।

ਪੋਸਟ ’ਚ ਕਰੀਨਾ ਨੇ ਲਿਖਿਆ, ‘ਮੈਂ ਕੋਰੋਨਾ ਟੈਸਟ ’ਚ ਪਾਜ਼ੇਟਿਵ ਆਈ ਹਾਂ। ਮੈਂ ਤੁਰੰਤ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਤੇ ਸਾਰੇ ਮੈਡੀਕਲ ਪ੍ਰੋਟੋਕਾਲ ਮੰਨ ਰਹੀ ਹਾਂ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਮੇਰੇ ਸੰਪਰਕ ’ਚ ਸਨ, ਉਹ ਆਪਣਾ ਟੈਸਟ ਕਰਵਾ ਲੈਣ। ਮੇਰਾ ਪਰਿਵਾਰ ਤੇ ਸਟਾਫ ਪਹਿਲਾਂ ਤੋਂ ਹੀ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਚੁੱਕਾ ਹੈ। ਉਨ੍ਹਾਂ ’ਚ ਅਜੇ ਤਕ ਕੋਈ ਲੱਛਣ ਨਹੀਂ ਮਿਲੇ ਹਨ। ਸ਼ੁਕਰ ਹੈ ਕਿ ਮੈਂ ਠੀਕ ਮਹਿਸੂਸ ਕਰ ਰਹੀ ਹਾਂ ਤੇ ਉਮੀਦ ਕਰਦੀ ਹਾਂ ਕਿ ਜਲਦ ਇਸ ਤੋਂ ਬਾਹਰ ਨਿਕਲਾਂਗੀ।’

ਬੀ. ਐੱਮ. ਸੀ. ਨੇ ਦੱਸਿਆ ਕਿ ਕਰੀਨਾ ਕਪੂਰ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜੇ ਤਕ ਕਰੀਨਾ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਸਾਡੇ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਦੇ ਸੰਪਰਕ ’ਚ ਕਿੰਨੇ ਲੋਕ ਆਏ ਹਨ।