ਹਰਨਾਜ਼ ਸੰਧੂ ਪਰਤੀ ਭਾਰਤ, ਤਿਰੰਗਾ ਫੜ ਕਿਹਾ ‘ਚੱਕ ਤੇ ਫੱ ਟੇ’

0
274

‘ਮਿਸ ਯੂਨੀਵਰਸ 2021’ ਦੀ ਜੇਤੂ ਹਰਨਾਜ਼ ਕੌਰ ਸੰਧੂ Harnaaz Sandhu ਬੁੱਧਵਾਰ ਨੂੰ ਭਾਰਤ ਪਰਤ ਆਈ ਹੈ। ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਰਾਤ ਵਿਦੇਸ਼ ਤੋਂ ਮੁੰਬਈ ਪਹੁੰਚੀ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੇ ਹਨ।

ਇਸ ਦੌਰਾਨ ਹਰਨਾਜ਼ ਸੰਧੂ ਦਾ ਪਰਿਵਾਰ ਵੀ ਮੁੰਬਈ ਏਅਰਪੋਰਟ ਪਹੁੰਚਿਆ ਸੀ। ਭਾਰਤ ਦੀ ਧਰਤੀ ‘ਤੇ ਕਦਮ ਰੱਖਦਿਆਂ ਹੀ ਹਰਨਾਜ਼ ਸੰਧੂ ਨੇ ਕਿਹਾ ‘ਚੱਕ ਤੇ ਫੱ ਟੇ’। ਤਿਰੰਗਾ ਫੜ੍ਹੀ ਹਰਨਾਜ਼ ਨੇ ਸਾਰਿਆਂ ਦਾ ਹੱਥ ਜੋੜ ਕੇ ਪਿਆਰ ਕਬੂਲਿਆ।

ਦੱਸ ਦੇਈਏ ਕਿ 13 ਦਸੰਬਰ ਨੂੰ ਇਜ਼ਰਾਈਲ ਦੇ ਇਲਾਟ ‘ਚ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਸੀ, ਜਿੱਥੇ 21 ਸਾਲਾ ਦੀ ਪੰਜਾਬੀ ਕੁੜੀ ਹਰਨਾਜ਼ ਕੌਰ ਸੰਧੂ ਨੇ ਇਹ ਖਿਤਾਬ ਆਪਣੇ ਨਾਂ ਕਰਨ ‘ਚ ਕਾਮਯਾਬ ਰਹੀ ਹੈ। ਪੰਜਾਬ ਦੀ ਹਰਨਾਜ਼ ਸੰਧੂ ਨੇ ਸੋਮਵਾਰ ਨੂੰ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ।

ਦੱਸ ਦੇਈਏ ਕਿ 21 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਨੂੰ ਇਹ ਖਿਤਾਬ ਮਿਲਿਆ ਹੈ। ਹਰਨਾਜ਼ ਕੌਰ ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ 1994 ‘ਚ ਅਤੇ ਲਾਰਾ ਦੱਤਾ ਨੂੰ 2000 ‘ਚ ਤਾਜ ਪਹਿਨਾਇਆ ਗਿਆ ਸੀ। ਚੰਡੀਗੜ੍ਹ ਦੀ ਮਾਡਲ ਹਰਨਾਜ਼ ਸੰਧੂ ਪਬਲਿਕ ਐਡਮਿਨਿਸਟ੍ਰੇਸ਼ਨ ‘ਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਉਨ੍ਹਾਂ ਨੇ 17 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕੀਤੀ ਸੀ।


ਹਰਨਾਜ ਸੰਧੂ ਦੇ ਭਾਰਤ ਪਰਤਣ ਤੋਂ ਬਾਅਦ ਕਾਲਜ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ਸੈਕਟਰ-42 ਅਤੇ 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਕਰਵਾਉਣ ਵਾਲਾ ਸਕੂਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-35 ‘ਚ ਸਵਾਗਤ ਪਾਰਟੀ ਦੇਵੇਗਾ। ਕਾਲਜ ਪ੍ਰਿੰਸੀਪਲ ਡਾ. ਨਿਸ਼ਾ ਨੇ ਕਿਹਾ ਕਿ ਦੇਸ਼ ਲਈ ਗੌਰਵ ਦੀ ਗੱਲ ਹੈ ਤਾਂ ਸਾਡੇ ਵੱਲੋਂ ਸਵਾਗਤ ਪਾਰਟੀ ਤਾਂ ਬਣਦੀ ਹੈ। ਉੱਥੇ ਸਕੂਲ ਪ੍ਰਿੰਸੀਪਲ ਪਰਮਜੀਤ ਮਾਨ ਨੇ ਦੱਸਿਆ ਕਿ ਸਕੂਲ ‘ਚ ਹਰਨਾਜ਼ ਐੱਨ. ਐੱਸ. ਐੱਸ. ਵਲੰਟੀਅਰ ਸੀ। ਵਲੰਟੀਅਰ ਰਹਿੰਦੇ ਹੋਏ ਹਰ ਐਕਟੀਵਿਟੀ ‘ਚ ਉਹ ਸਭ ਤੋਂ ਅੱਗੇ ਰਹਿੰਦੀ ਸੀ। ਇਸ ਵਾਰ ਸੁੰਦਰਤਾ ਮੁਕਾਬਲੇ ‘ਚ ਉਹ ਵਿਸ਼ਵ ‘ਚ ਸਭ ਤੋਂ ਅੱਗੇ ਨਿਕਲੀ ਹੈ। ਉੱਥੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਉੱਪਲ ਨੇ ਕਿਹਾ ਕਿ ਦੇਸ਼ ਲਈ ਮਾਣ ਦਾ ਵਿਸ਼ਾ ਹੈ ਕਿ ਸਾਡੀ ਧੀ 21 ਸਾਲ ਬਾਅਦ ਵਿਸ਼ਵ ਸੁੰਦਰੀ ਦਾ ਖ਼ਿਤਾਬ ਲੈ ਕੇ ਆ ਰਹੀ ਹੈ, ਜਿਸ ਨੂੰ ਸੈਲੀਬ੍ਰੇਟ ਕਰਨ ਲਈ ਉਹ ਸਵਾਗਤੀ ਸਮਾਗਮ ਕਰਨਗੇ।

ਹਰਨਾਜ ਕੌਰ ਸੰਧੂ ਨੂੰ ਮਿਲੇ ਮਿਸ ਯੂਨੀਵਰਸ ਦੇ ਤਾਜ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ, ਐਗਜ਼ਾਮੀਨੇਸ਼ਨ ਕੰਟਰੋਲਰ ਡਾ. ਜਗਤ ਭੂਸ਼ਣ ਨੇ ਵੀ ਮੁਬਾਰਕਾਂ ਦਿੱਤੀਆਂ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਇਕ ਤੋਂ ਬਾਅਦ ਇਕ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਵਾਨ ਸਾਹਮਣੇ ਆ ਰਹੇ ਹਨ। ਪਹਿਲਾਂ ਨੀਰਜ ਚੋਪੜਾ ਨੇ ਦੇਸ਼ ਦਾ ਤਿਰੰਗਾ ਫਹਿਰਾਇਆ ਹੈ ਤੇ ਹੁਣ ਹਰਨਾਜ਼ ਨੇ ਦੇਸ਼ ਦਾ ਸਿਰ ਉੱਚਾ ਕੀਤਾ ਹੈ।