ਘੋੜੇ ’ਤੇ ਸਵਾਰ ਹੋ ਕੇ ਸੜਕਾਂ ’ਤੇ ਨਿਕਲੀ ਲਾੜੀ

0
225

ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਸੇਂਧਵਾ ਸ਼ਹਿਰ ’ਚ ਇਕ ਕੁੜੀ ਨੂੰ ਘੋੜੇ ’ਤੇ ਸਵਾਰ ਵੇਖ ਕੇ ਹਰ ਕੋਈ ਵੇਖਦਾ ਹੀ ਰਹਿ ਗਿਆ। ਦਰਅਸਲ ਸੇਂਧਵਾ ਵਾਸੀ ਕੋਮਲ ਮਹਾਜਨ ਜੋ ਕਿ ਖੰਡਵਾ ’ਚ ਅਸਿਸਟੈਂਟ ਇੰਜੀਨੀਅਰ ਹੈ, ਉਸ ਦਾ ਵਿਆਹ ਅੱਜ ਯਾਨੀ ਕਿ 19 ਦਸੰਬਰ ਨੂੰ ਹੋਣਾ ਹੈ। ਕੋਮਲ ਦਾ ਲਾੜਾ ਉਸ ਨੂੰ ਵਿਆਹੁਣ ਲਈ ਮਹਾਰਾਸ਼ਟਰ ਤੋਂ ਬਰਾਤ ਲੈ ਕੇ ਆਵੇਗਾ। ਇਸ ਤੋਂ ਪਹਿਲਾਂ ਕੋਮਲ ਦੇ ਪਰਿਵਾਰ ਨੇ ਸ਼ਹਿਰ ’ਚ ਧੂਮ-ਧਾਮ ਨਾਲ ‘ਬਾਨਾ’ ਕੱਢਿਆ। ਘੋੜੇ ’ਤੇ ਸਵਾਰ ਅਤੇ ਹੱਥਾਂ ’ਚ ਤਲਵਾਰ ਫੜੀ ਲਾੜੀ ਨੂੰ ਹਰ ਕੋਈ ਸ਼ਹਿਰ ਵਿਚ ਵੇਖਦਾ ਰਹਿ ਗਿਆ।

ਘੋੜੇ ’ਤੇ ਸਵਾਰ ਕੋਮਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਓਧਰ ਲਾੜੀ ਦੇ ਮਾਤਾ-ਪਿਤਾ ਨੇ ਲਾੜੀ ਬਣੀ ਕੋਮਲ ਦੀ ਆਰਤੀ ਉਤਾਰੀ। ਕੋਮਲ ਦੇ ਪਿਤਾ ਪੂਨਮਚੰਦ ਕਹਿੰਦੇ ਹਨ ਕਿ ਮੈਂ ਧੀ ਅਤੇ ਪੁੱਤਰ ਵਿਚ ਫ਼ਰਕ ਨਹੀਂ ਸਮਝਦਾ ਇਸ ਲਈ ਮੈਂ ਆਪਣੀ ਧੀ ਦਾ ਬਾਨਾ ਕੱਢਿਆ। ਮੇਰੀ ਧੀ ਮੇਰੇ ਲਈ ਪੁੱਤਰ ਹੀ ਹੈ। ਮੇਰੀਆਂ ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਕੋਮਲ ਜਿੱਥੇ ਅਸਿਸਟੈਂਟ ਇੰਜੀਨੀਅਰ ਹੈ। ਉੱਥੇ ਹੀ ਦੂਜੀ ਧੀ ਡਾਕਟਰ ਅਤੇ ਤੀਜੀ ਧੀ ਐੱਲ. ਐੱਲ. ਬੀ. ਕਰ ਕੇ ਵਕੀਲ ਬਣਨਾ ਚਾਹੁੰਦੀ ਹੈ।

ਓਧਰ ਕੋਮਲ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਚੰਗਾ ਲੱਗਾ ਰਿਹਾ ਹੈ। ਪਾਪਾ ਨੇ ਕਦੇ ਵੀ ਕੋਈ ਭੇਦਭਾਵ ਨਹੀਂ ਕੀਤਾ। ਨਾਲ ਹੀ ਉਹ ਕਹਿੰਦੀ ਹੈ ਕਿ ਕਿਸੇ ਨੂੰ ਵੀ ਮੁੰਡੇ-ਕੁੜੀ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ ਅਤੇ ਕੁੜੀਆਂ ਨੂੰ ਪੜ੍ਹਾਉਣਾ ਜ਼ਰੂਰ ਚਾਹੀਦਾ ਕਿਉਂਕਿ ਕੁੜੀਆਂ ਪੜ੍ਹਨੀਆਂ, ਅੱਗੇ ਵੱਧਣਗੀਆਂ ਤਾਂ ਦੇਸ਼ ਅਤੇ ਸਮਾਜ ਅੱਗੇ ਵਧੇਗਾ।