ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਬੀਤੀ ਰਾਤ ਆਪਣਾ ਜਨਮਦਿਨ ਪਰਿਵਾਰ, ਕਰੀਬੀ ਦੋਸਤਾਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮਨਾਇਆ। ਜਨਮਦਿਨ ਤੋਂ ਇਕ ਦਿਨ ਪਹਿਲਾਂ ਸਲਮਾਨ ਖ਼ਾਨ ਨੂੰ ਸੱਪ ਨੇ ਡੱਸ (ਡੰਗ) ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖ਼ਲ ਕਰਵਾਉਣਾ ਪਿਆ। ਕੁਝ ਸਮਾਂ ਹਸਪਤਾਲ ‘ਚ ਦਾਖ਼ਲ ਅਤੇ ਇਲਾਜ ਤੋਂ ਬਾਅਦ ਸਲਮਾਨ ਨੇ ਆਪਣਾ ਜਨਮਦਿਨ ਮਨਾਇਆ। ਜਨਮਦਿਨ ਸੈਲੀਬ੍ਰੇਸ਼ਨ ਤੋਂ ਬਾਅਦ ਸਲਮਾਨ ਦਾ ਇਹ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਸੱਪ ਨੇ ਕਿਵੇਂ ਡੰਗਿਆ ਅਤੇ ਉਹ ਕਿੰਨੀ ਦੇਰ ਤੱਕ ਹਸਪਤਾਲ ‘ਚ ਦਾਖ਼ਲ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਹੈਲਥ ਅਪਡੇਟ ਵੀ ਦਿੱਤੀ।
ਸਮਾਚਾਰ ਏਜੰਸੀ ਏ. ਐੱਨ. ਆਈ. ਨੇ ਸੱਪ ਦੇ ਡੰਗਣ ‘ਤੇ ਸਲਮਾਨ ਖ਼ਾਨ ਦੇ ਹਵਾਲੇ ਨਾਲ ਕਿਹਾ, ”ਇਕ ਸੱਪ ਮੇਰੇ ਫਾਰਮ ਹਾਊਸ ‘ਚ ਦਾਖ਼ਲ ਹੋ ਗਿਆ ਸੀ, ਮੈਂ ਉਸ ਨੂੰ ਡੰਡੇ ਦੀ ਮਦਦ ਨਾਲ ਬਾਹਰ ਕੱਢ ਲਿਆ। ਹੌਲੀ-ਹੌਲੀ ਉਹ ਮੇਰੇ ਹੱਥ ਦੇ ਨੇੜੇ ਆਇਆ। ਫਿਰ ਜਦੋਂ ਮੈਂ ਸੱਪ ਨੂੰ ਫਾਰਮ ਹਾਊਸ ਤੋਂ ਬਾਹਰ ਕੱਢਣ ਲਈ ਫੜ੍ਹਿਆ ਤਾਂ ਉਸ ਨੇ ਮੈਨੂੰ ਤਿੰਨ ਵਾਰ ਡੰਗ ਮਾਰਿਆ। ਇਹ ਇੱਕ ਤਰ੍ਹਾਂ ਦਾ ਜ਼ਹਿਰੀਲਾ ਸੱਪ ਸੀ। ਮੈਂ 6 ਘੰਟੇ ਲਈ ਹਸਪਤਾਲ ‘ਚ ਦਾਖ਼ਲ ਰਿਹਾ, ਹਾਲਾਂਕਿ ਹੁਣ ਮੈਂ ਠੀਕ ਹਾਂ।”
ਸੱਪ ਦੇ ਕੱਟਣ ‘ਤੇ ਸਲੀਮ ਖ਼ਾਨ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ, ”ਜਦੋਂ ਇਹ ਘਟਨਾ ਵਾਪਰੀ ਤਾਂ ਅਸੀਂ ਸੱਚਮੁੱਚ ਚਿੰਤਤ ਸੀ। ਸਲਮਾਨ ਟੀਕੇ ਲਈ ਨੇੜੇ ਦੇ ਮੈਡੀਕਲ ਸੈਂਟਰ ਪਹੁੰਚੇ ਸਨ। ਸ਼ੁਕਰ ਹੈ, ਪਤਾ ਲੱਗਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਫਿਰ ਉਹ ਵਾਪਸ ਫਾਰਮ ਹਾਊਸ ਆ ਗਏ ਅਤੇ ਕੁਝ ਘੰਟਿਆਂ ਲਈ ਸੌਂ ਗਏ। ਸਲਮਾਨ ਹੁਣ ਠੀਕ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਪਰ ਇਹ ਯਕੀਨਨ ਹੈ ਕਿ ਅਸੀਂ ਡਰੇ ਹੋਏ ਸੀ।” ਸਲੀਮ ਖ਼ਾਨ ਨੇ ਖੁਲਾਸਾ ਕੀਤਾ ਕਿ ਕਈ ਵਾਰ ਸੱਪ ਅਤੇ ਬਿੱਛੂ ਉਨ੍ਹਾਂ ਦੇ ਫਾਰਮ ਹਾਊਸ ਦੇ ਸਟਾਫ ਨੂੰ ਡੰਗ ਮਾਰ ਚੁੱਕੇ ਹਨ।
ਸਲਮਾਨ ਖ਼ਾਨ ਨੇ ਐਤਵਾਰ ਰਾਤ ਨੂੰ ਪਨਵੇਲ ਸਥਿਤ ਆਪਣੇ ਫਾਰਮ ਹਾਊਸ ‘ਤੇ ਜਨਮਦਿਨ ਦੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਹ ਜਨਮਦਿਨ ਪਾਰਟੀ ਬਹੁਤ ਹੀ ਨਿੱਜੀ ਤਰੀਕੇ ਨਾਲ ਰੱਖੀ ਗਈ ਸੀ। ਇਸ ‘ਚ ਕਈ ਵੱਡੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਸਲਮਾਨ ਨੇ ਆਪਣਾ ਜਨਮਦਿਨ ਆਪਣੀ ਭਤੀਜੀ ਆਇਤ ਨਾਲ ਸੈਲੀਬ੍ਰੇਟ ਕੀਤਾ। ਅਯਾਤ ਸਲਮਾਨ ਦੀ ਭੈਣ ਅਰਪਿਤਾ ਅਤੇ ਆਯੂਸ਼ ਸ਼ਰਮਾ ਦੀ ਧੀ ਹੈ। ਦੋਵਾਂ ਨੂੰ ਇਕੱਠੇ ਕੇਕ ਕੱਟਦੇ ਵੀ ਦੇਖਿਆ ਗਿਆ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੇਕ ਕੱਟਣ ਦੌਰਾਨ ਸਲਮਾਨ ਨੇ ਆਪਣੀ ਭਤੀਜੀ ਆਇਤ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਸਲਮਾਨ ਆਪਣੀ ਭਤੀਜੀ ਦੇ ਹੱਥੋਂ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਪਾਰਟੀ ‘ਚ ਲੋਕਾਂ ਦੀ ਭਾਰੀ ਭੀੜ ਹੈ ਅਤੇ ਸੰਗੀਤ ਬਹੁਤ ਉੱਚਾ ਹੈ।
ਸਲਮਾਨ ਨੇ ਜਨਮਦਿਨ ਦੀ ਪਾਰਟੀ ਲਈ ਬਲੈਕ ਆਊਟਫਿਟ ਪਹਿਨਿਆ ਹੈ। ਵੀਡੀਓ ‘ਚ ਉਹ ਬਲੈਕ ਟੀ-ਸ਼ਰਟ ਅਤੇ ਪੈਂਟ ‘ਚ ਨਜ਼ਰ ਆ ਰਹੀ ਹੈ।