ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼

0
192

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ 38 ਸਾਲਾਂ ਦੇ ਹੋ ਗਏ ਹਨ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ, 1984 ਨੂੰ ਦੋਸਾਂਝ ਕਲਾਂ ਵਿਖੇ ਹੋਇਆ। ਦਿਲਜੀਤ ਦੋਸਾਂਝ ਹੁਣ ਤਕ ਅਣਗਿਣਤ ਗੀਤ, ਐਲਬਮਾਂ ਤੇ ਫ਼ਿਲਮਾਂ ਕਰ ਚੁੱਕੇ ਹਨ।

ਉਥੇ ਅੱਜ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਈ. ਪੀ. (ਐਕਸਟੈਂਡਿਡ ਪਲੇਅ) ਦਾ ਐਲਾਨ ਕੀਤਾ ਹੈ। ਈ. ਪੀ. ਐਲਬਮ ਤੋਂ ਛੋਟੀ ਹੁੰਦੀ ਹੈ, ਜਿਸ ’ਚ 4 ਤੋਂ ਲੈ ਕੇ 7 ਟਰੈਕ ਹੁੰਦੇ ਹਨ।

ਦਿਲਜੀਤ ਦੋਸਾਂਝ ਦੀ ਇਸ ਈ. ਪੀ. ਦਾ ਨਾਂ ‘ਡਰਾਈਵ ਥਰੂ’ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਇਸ ’ਚ ਇਨਟੈਂਸ, ਰਾਜ ਰਣਜੋਧ ਤੇ ਚੰਨੀ ਨੱਤਾਂ ਨੂੰ ਟੈਗ ਕੀਤਾ ਹੈ।

ਦੱਸ ਦੇਈਏ ਕਿ ਟਰੈਕਲਿਸਟ ਨੂੰ ਦਿਲਜੀਤ ਦੋਸਾਂਝ ਨੇ ਮਿਰਚ, ਨੂਡਲਸ, ਅੰਬ ਆਦਿ ਦੀ ਤਸਵੀਰ ਸਾਂਝੀ ਕਰਕੇ ਬਿਆਨ ਕੀਤਾ ਹੈ। ਹੁਣ ਇਨ੍ਹਾਂ ਦੇ ਪੂਰੇ ਨਾਂ ਕੀ ਹੋਣਗੇ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਾਲ 2021 ’ਚ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਪਿਛਲੇ ਸਾਲ ਦਿਲਜੀਤ ਦੋਸਾਂਝ ਨੇ ਆਪਣੇ ਯੋਗ ਆਸਨ ਕਰਦਿਆਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਸ਼ਾਇਦ ਹੀ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣਾ ਇਹ ਰੂਪ ਪ੍ਰਸ਼ੰਸਕਾਂ ਨੂੰ ਦਿਖਾਇਆ ਹੋਵੇਗਾ। ਉਥੇ ਦਿਲਜੀਤ ਨੇ ਅੱਜ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਯੋਗ ਆਸਨ ਕਰ ਰਹੇ ਹਨ, ਜੋ ਕਿ ਬੇਹੱਦ ਮੁਸ਼ਕਿਲ ਵੀ ਹਨ।

ਇੰਸਟਾਗ੍ਰਾਮ ਰੀਲ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਦੋਸਾਂਝ ਵੱਖ-ਵੱਖ ਆਸਨ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਫਲੈਕਸੀਬਿਲੀਟੀ ਦੀ ਝਲਕ ਵੀ ਇਸ ਵੀਡੀਓ ਤੋਂ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਦਿਲਜੀਤ ਦੋਸਾਂਝ ਨੇ ‘ਜ਼ੀਰੋ’ ਲਿਖਿਆ ਹੈ।

ਦੱਸ ਦੇਈਏ ਕਿ ਇਸ ਸਾਲ ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦਿਲਜੀਤ ਵਾਰ-ਵਾਰ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਚੁੱਕੇ ਹਨ ਪਰ ਜਿਸ ਹਿਸਾਬ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵੱਧ ਰਹੇ ਹਨ, ਲਾਈਵ ਸ਼ੋਅਜ਼ ਸਾਨੂੰ ਦੇਖਣ ਨੂੰ ਮਿਲਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਚੱਲੇਗਾ।