ਸ਼ਹਿਨਾਜ਼ ਨੂੰ ਮੁੜ ਆਈ ਸਿਧਾਰਥ ਦੀ ਯਾਦ, ਨਮ ਅੱਖਾਂ ਨਾਲ ਯਾਦ ਕੀਤੇ ਪੁਰਾਣੇ ਲਮਹੇ (ਵੀਡੀਓ)

0
178

: ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਕੌਰ ਗਿੱਲ ਨੂੰ ਹਾਲ ਹੀ ‘ਚ ਇੱਕ ਵੀਡੀਓ ‘ਚ ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਔਖੇ ਸਮੇਂ ‘ਚ ਵੀ ਮਜ਼ਬੂਤ ਰਹੀ। ਦਰਅਸਲ, ਸ਼ਹਿਨਾਜ਼ ਕੌਰ ਗਿੱਲ ਅਤੇ ਅਧਿਆਤਮਕ ਗੁਰੂ ਬੀਕੇ ਸ਼ਿਵਾਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਰੂਹਾਨੀ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਅਕਸਰ ਸਿਧਾਰਥ ਨੂੰ ਕਹਿੰਦੀ ਸੀ ਕਿ ਉਹ ਉਨ੍ਹਾਂ ਨਾਲ ਕਾਫ਼ੀ ਸਮਾਂ ਪਹਿਲਾਂ ਗੱਲ ਕਰਨਾ ਚਾਹੁੰਦੀ ਸੀ।

ਦੱਸ ਦਈਏ ਕਿ ਮਸ਼ਹੂਰ ਟੀ. ਵੀ. ਅਦਾਕਾਰ ਅਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਜਿਹੇ ‘ਚ ਸਿਧਾਰਥ ਸ਼ੁਕਲਾ ਦੀ ਸਭ ਤੋਂ ਕਰੀਬੀ ਮੰਨੀ ਜਾਂਦੀ ਸ਼ਹਿਨਾਜ਼ ਗਿੱਲ ਵੀ ਕਾਫ਼ੀ ਸਮੇਂ ਤੋਂ ਸਦਮੇ ‘ਚ ਸੀ। ਹਾਲਾਂਕਿ, ਇਸ ਦੌਰਾਨ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਸ਼ਹਿਨਾਜ਼ ਦੀ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਵੀ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸ਼ਹਿਨਾਜ਼ ਗਿੱਲ ਦੀ ਵੀਡੀਓ ‘ਚ ਉਹ ਬੀਕੇ ਸ਼ਿਵਾਨੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸ਼ਹਿਨਾਜ਼ ਗਿੱਲ ਕਹਿੰਦੀ ਹੈ, ”ਮੈਂ ਸਿਧਾਰਥ ਨੂੰ ਕਈ ਵਾਰ ਕਿਹਾ ਕਿ ਮੈਂ ਸਿਸਟਰ ਸ਼ਿਵਾਨੀ ਨੂੰ ਮਿਲਣਾ ਚਾਹੁੰਦੀ ਹਾਂ। ਮੈਨੂੰ ਉਹ ਬਹੁਤ ਪਸੰਦ ਹਨ। ਉਹ ਵੀ ਹਮੇਸ਼ਾ ਕਹਿੰਦਾ ਸੀ ਕਿ ਹਾਂ ਮਿਲਾਂਗੇ। ਬੱਸ ਹੁਣ ਚਿੱਲ ਕਰੋ। ਫਿਰ ਉਸ ਤੋਂ ਬਾਅਦ ਇਹ ਸਭ ਹੋਇਆ।”

ਸ਼ਹਿਨਾਜ਼ ਨੇ ਅੱਗੇ ਕਿਹਾ, ”ਮੈਂ ਅਕਸਰ ਸੋਚਦੀ ਹਾਂ ਕਿ ਉਸ ਆਤਮਾ ਨੇ ਮੈਨੂੰ ਇੰਨਾ ਗਿਆਨ ਕਿਵੇਂ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਲੋਕਾਂ ਨੂੰ ਸਮਝ ਨਹੀਂ ਸਕਦੀ ਸੀ। ਮੈਂ ਬਹੁਤ ਮਾਸੂਮ ਕਿਸਮ ਦੀ ਸੀ, ਜੋ ਕਿਸੇ ‘ਤੇ ਵੀ ਭਰੋਸਾ ਕਰਦੀ ਸੀ ਪਰ ਉਸ ਨੇ ਮੈਨੂੰ ਬਹੁਤ ਕੁਝ ਸਿਖਾਇਆ ਕੀ ਜੀਵਨ ‘ਚ ਕੀ-ਕੀ ਵਾਪਰਦਾ ਹੈ। ਰੱਬ ਨੇ ਮੈਨੂੰ ਉਸ ਨਾਲ ਮਿਲਵਾਇਆ। ਫਿਰ ਅਸੀਂ ਦੋਸਤਾਂ ਵਾਂਗ ਸੀ। ਰੱਬ ਨੇ ਸਾਡੀ ਜਾਣ-ਪਛਾਣ ਸਿਰਫ਼ ਇਸ ਲਈ ਕਰਵਾਈ ਹੈ ਤਾਂ ਜੋ ਉਹ ਮੈਨੂੰ ਜ਼ਿੰਦਗੀ ਬਾਰੇ ਇਹ ਸਭ ਦੱਸ ਸਕੇ। ਇਨ੍ਹਾਂ ਦੋ ਸਾਲਾਂ ‘ਚ ਉਸ ਨੇ ਮੈਨੂੰ ਬਹੁਤ ਕੁਝ ਸਿਖਾਇਆ।” ਸ਼ਹਿਨਾਜ਼ ਨੇ ਅੱਗੇ ਕਿਹਾ, ”ਉਸ ਦੀ ਵਜ੍ਹਾ ਨਾਲ ਹੀ ਮੈਂ ਤੁਹਾਨੂੰ ਮਿਲੀ ਹਾਂ। ਹੁਣ ਮੈਂ ਜਾਣਦੀ ਹਾਂ ਕਿ ਮੇਰੀ ਜ਼ਿੰਦਗੀ ‘ਚ ਚੀਜ਼ਾਂ ਨੂੰ ਕਿਵੇਂ ਸੰਭਾਲਣਾ ਹੈ। ਹੁਣ ਮੈਂ ਬਹੁਤ ਮਜ਼ਬੂਤ ਹਾਂ।”

ਦੱਸਣਯੋਗ ਹੈ ਕਿ ਪਿਛਲੇ ਸਾਲ 2 ਸਤੰਬਰ ਨੂੰ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਸੀ। ‘ਬਿੱਗ ਬੌਸ’ ਦੇ ਜੇਤੂ ਰਹਿ ਚੁੱਕੇ ਸਿਧਾਰਥ ਨੇ 40 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ‘ਬਿੱਗ ਬੌਸ’ ਸੀਜ਼ਨ 13 ‘ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਦੇਖਣਾ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਦੋਂ ਤੋਂ ਫੈਨਸ ਦੋਵਾਂ ਨੂੰ ‘ਸਿਡਨਾਜ਼’ ਕਹਿ ਕੇ ਬੁਲਾਉਣ ਲੱਗੇ। ਅਦਾਕਾਰ ਸਿਧਾਰਥ ਨੇ ਆਪਣੇ ਕਰੀਅਰ ‘ਚ ਕਈ ਸੀਰੀਅਲਾਂ ‘ਚ ਕੰਮ ਕੀਤਾ।