ਸੰਨੀ ਦਿਓਲ ਦੀ ‘ਗਦਰ 2’ ਦੀ ਕਹਾਣੀ ਲੀਕ, ਇਸ ਕਾਰਨ ਤਾਰਾ ਦੂਜੀ ਵਾਰ ਜਾਵੇਗਾ ਪਾਕਿਸਤਾਨ

0
283

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਗਦਰ 2’ ਨੂੰ ਲੈ ਕੇ ਚਰਚਾ ’ਚ ਹਨ। ਫ਼ਿਲਮ ’ਚ ਉਸ ਨਾਲ ਇਕ ਵਾਰ ਮੁੜ ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਨਜ਼ਰ ਆਉਣਗੇ। ਪਿਛਲੇ ਭਾਗ ’ਚ ਤਾਰਾ ਸਿੰਘ (ਸੰਨੀ ਦਿਓਲ) ਪਤਨੀ ਸਕੀਨਾ (ਅਮੀਸ਼ਾ ਪਟੇਲ) ਨੂੰ ਲੈਣ ਲਈ ਪਾਕਿਸਤਾਨ ਗਏ ਸਨ ਪਰ ‘ਗਦਰ 2’ ’ਚ ਸੰਨੀ ਦਿਓਲ ਕਿਸੇ ਦੂਜੀ ਵਜ੍ਹਾ ਕਰਕੇ ਸਰਹੱਦ ਪਾਰ ਪਾਕਿਸਤਾਨ ਦਾ ਰੁਖ਼ ਕਰਨਗੇ।

ਪਿੰਕਵਿਲਾ ਦੀ ਰਿਪੋਰਟ ਮੁਤਾਬਕ ‘ਗਦਰ 2’ ਦੀ ਕਹਾਣੀ ਭਾਰਤ-ਪਾਕਿਸਤਾਨ ਲੜਾਈ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦੇਵੇਗੀ। ਉਤਕਰਸ਼ ਸ਼ਰਮਾ ਫ਼ਿਲਮ ’ਚ ਇਕ ਫੌਜੀ ਦਾ ਕਿਰਦਾਰ ਨਿਭਾਉਂਦੇ ਦਿਖਣਗੇ, ਜਿਨ੍ਹਾਂ ਦੀ ਜਾਨ ਬਚਾਉਣ ਲਈ ਸੰਨੀ ਦਿਓਲ ਪਾਕਿਸਤਾਨ ’ਚ ਇਕ ਵਾਰ ਮੁੜ ਜਾਣਗੇ।

ਫ਼ਿਲਮ ਨਾਲ ਜੁੜੇ ਸੂਤਰ ਨੇ ਪੋਰਟਲ ਨੂੰ ਦੱਸਿਆ, ‘‘ਗਦਰ’ ’ਚ ਭਾਰਤ-ਪਾਕਿਸਤਾਨ ਦੀ ਵੰਡ ਦੇ ਆਲੇ-ਦੁਆਲੇ ਘੁੰਮਦੀ ਫ਼ਿਲਮ ਦੀ ਕਹਾਣੀ ’ਚ ਤਾਰਾ ਤੇ ਸਕੀਨਾ ਦੀ ਪ੍ਰੇਮ ਕਹਾਣੀ ਪਿਰੋਈ ਗਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ‘ਗਦਰ 2’ ’ਚ ਸਾਲ 1971 ’ਚ ਹੋਏ ਭਾਰਤ-ਪਾਕਿਸਤਾਨ ਦੇ ਯੁੱਧ ਨੂੰ ਰੀਕ੍ਰਿਏਟ ਕੀਤਾ ਜਾਵੇਗਾ। ਇਸ ’ਚ ਤਾਰਾ ਸਿੰਘ ਦਾ ਪੁੱਤਰ ਜੀਤੇ ਯਾਨੀ ਉਤਰਕਸ਼ ਸ਼ਰਮਾ ਭਾਰਤੀ ਫੌਜੀ ਦਾ ਕਿਰਦਾਰ ਨਿਭਾਉਣਗੇ। ਇਸ ਜੰਗ ਦੌਰਾਨ ਜਦੋਂ ਤਾਰਾ ਸਿੰਘ ਦਾ ਪੁੱਤਰ ਜੀਤੇ ਦੀ ਜਾਨ ’ਤੇ ਬਣ ਆਵੇਗੀ ਤਾਂ ਉਹ ਉਸ ਨੂੰ ਬਚਾਉਣ ਲਈ ਪਾਕਿਸਤਾਨ ਜਾਣਗੇ।’

ਫ਼ਿਲਮ ‘ਗਦਰ 2’ ਦੀ ਕਹਾਣੀ ਤੋਂ ਲੱਗਦਾ ਹੈ ਕਿ ਡਾਇਰੈਕਟਰ ਅਨਿਲ ਸ਼ਰਮਾ ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਵੱਡੇ ਪਰਦੇ ’ਤੇ ਦਿਖਾਉਣ ਦੇ ਮੂਡ ’ਚ ਹਨ। ਉਹ ਇਸ ਤੋਂ ਪਹਿਲਾਂ ਪਿਓ-ਪੁੱਤ ਦੇ ਰਿਸ਼ਤੇ ਨੂੰ ਫ਼ਿਲਮ ‘ਅਪਨੇ’ ’ਚ ਦਿਖਾ ਚੁੱਕੇ ਹਨ, ਜਿਸ ’ਚ ਸੰਨੀ ਦਿਓਲ, ਧਰਮਿੰਦਰ ਤੇ ਬੌਬੀ ਦਿਓਲ ਨੇ ਕੰਮ ਕੀਤਾ ਸੀ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਅਨਿਲ ਸ਼ਰਮਾ ਇਕ ਵਾਰ ਮੁੜ ਇਹੀ ਫਾਰਮੂਲਾ ‘ਗਦਰ 2’ ’ਚ ਅਜ਼ਮਾਉਣ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫ਼ਿਲਮ ਦੀ ਕਹਾਣੀ ਨਾਲ ਉਹ ਦਰਸ਼ਕ ਇਕੱਠੇ ਕਰ ਪਾਉਂਦੇ ਹਨ ਜਾਂ ਨਹੀਂ।