ਛੋਟੇ ਪਰਦੇ ’ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਸਾਰਿਆਂ ਦੇ ਦਿਲਾਂ ’ਚ ਆਪਣੀ ਜਗ੍ਹਾ ਬਣਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਘਰ-ਘਰ ’ਚ ਕਾਮੇਡੀ ਕਿੰਗ ਬਣ ਚੁੱਕੇ ਹਨ। ਜਿਥੇ ਇਕ ਪਾਸੇ ਕਪਿਲ ਟੀ. ਵੀ. ’ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਲੋਕਾਂ ਨੂੰ ਹਸਾਉਂਦੇ ਹੋਏ ਤੇ ਮਸਤੀ ਕਰਦੇ ਨਜ਼ਰ ਆਉਂਦੇ ਹਨ, ਉਥੇ ਕਪਿਲ ਦਾ ਡਿਜੀਟਲ ਡੈਬਿਊ ਵੀ ਹੋਣ ਵਾਲਾ ਹੈ।
ਕਪਿਲ ਨੇ ਨੈੱਟਫਲਿਕਸ ’ਤੇ ਆਉਣ ਵਾਲੇ ਆਪਣੇ ਨਵੇਂ ਸ਼ੋਅ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਦਾ ਐਲਾਨ ਕਰ ਦਿੱਤਾ ਹੈ। ਇਹ ਸ਼ੋਅ 28 ਜਨਵਰੀ ਨੂੰ ਨੈੱਟਫਲਿਕਸ ’ਤੇ ਸਟ੍ਰੀਮ ਹੋਵੇਗਾ। ਕਪਿਲ ਨੇ ਇਸ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ’ਚ ਕਪਿਲ ਸ਼ਰਮਾ ਦੇ ਸਟੈਂਡਅੱਪ ਐਕਟ ਦੀ ਝਲਕ ਪੇਸ਼ ਕੀਤੀ ਗਈ ਹੈ।
ਵੀਡੀਓ ’ਚ ਕਪਿਲ ਸਾਹਮਣੇ ਬੈਠੇ ਦਰਸ਼ਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਕਿੱਸੇ ਸੁਣਾਉਂਦੇ ਨਜ਼ਰ ਆ ਰਹੇ ਹਨ। ਇਸ ’ਚ ਕਪਿਲ ਆਪਣੇ ਵਿਵਾਦਿਤ ਟਵੀਟਸ ਦੀ ਗੱਲ ਕਰ ਰਹੇ ਹਨ। ਕਪਿਲ ਉਸ ਵਿਵਾਦ ਨੂੰ ਲੈ ਕੇ ਖ਼ੁਦ ਨੂੰ ਟਰੋਲ ਕਰਦੇ ਹਨ। ਕਪਿਲ ਨੇ ਕਿਹਾ ਕਿ ਮੈਂ ਟਵੀਟ ਕਰਕੇ 8-9 ਦਿਨ ਮਾਲਦੀਵ ’ਚ ਰਿਹਾ। ਮੇਰਾ ਉਥੇ 9 ਲੱਖ ਰੁਪਏ ਦਾ ਖਰਚਾ ਹੋਇਆ। ਮੇਰੀ ਜ਼ਿੰਦਗੀ ਦੀ ਪੜ੍ਹਾਈ ’ਤੇ ਇੰਨਾ ਖਰਚਾ ਨਹੀਂ ਹੋਇਆ, ਜਿੰਨਾ ਉਸ ਇਕ ਟਵੀਟ ਕਰਕੇ ਮੈਂ ਕਰਵਾ ਲਿਆ।
ਇਸ ਤੋਂ ਇਲਾਵਾ ਕਪਿਲ ਟਵੀਟ ਨਾਲ ਜੁੜੀਆਂ ਹੋਰ ਕਈ ਕਾਮੇਡੀ ਭਰੀਆਂ ਗੱਲਾਂ ਕਰਦੇ ਹਨ। ਇਹ ਪੂਰੀ ਵੀਡੀਓ ਨੈੱਟਫਲਿਕਸ ’ਤੇ 28 ਜਨਵਰੀ ਨੂੰ ਰਿਲੀਜ਼ ਹੋਵੇਗੀ। ਕਪਿਲ ਪਹਿਲੀ ਵਾਰ ਓ. ਟੀ. ਟੀ. ’ਤੇ ਨਜ਼ਰ ਆਉਣ ਵਾਲੇ ਹਨ।