ਚੰਡੀਗੜ੍ਹ : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਦੀ ਪੰਜਾਬੀ ਵੈੱਬ ਸੀਰੀਜ਼ ‘ਵਾਰਨਿੰਗ’ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ ਹੈ। ਇਹ ਫ਼ਿਲਮ ਦੋ ਗੁੰਡਿਆਂ ਦੀ ਬਦਲੇ ਦੀ ਦੁਸ਼ਮਣੀ ‘ਤੇ ਅਧਾਰਿਤ ਹੈ। ਸ਼ਿੰਦਾ ਤੇ ਪੰਮਾ ਦਾ ਕਿਰਦਾਰ ਧੀਰਜ ਕੁਮਾਰ ਤੇ ਪ੍ਰਿੰਸ ਕੰਵਲਜੀਤ ਨੇ ਨਿਭਾਇਆ। ਦੋਵੇਂ ਅਦਾਕਾਰ ਨਾ ਸਿਰਫ਼ ਆਪਣੇ ਦਮਦਾਰ ਕਿਰਦਾਰਾਂ ਕਾਰਨ ਸਗੋਂ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਕਾਰਨ ਵੀ ਵੱਖ-ਵੱਖ ਸਨ। ਹੁਣ ਫਿਰ ‘ਵਾਰਨਿੰਗ’ ਦੇ ਪ੍ਰਸ਼ੰਸਕਾਂ ਲਈ ਹੋਰ ਵਧੀਆ ਖ਼ਬਰ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਫ਼ਿਲਮ ਦਾ ਸੀਕਵਲ ਇਸੇ ਸਾਲ ਜੁਲਾਈ ‘ਚ ਰਿਲੀਜ਼ ਹੋਵੇਗਾ ਪਰ ਹੁਣ ਇਹ ਹੋਰ ਹਿੱਸਿਆਂ ‘ਚ ਆਵੇਗਾ।
ਪਹਿਲਾਂ ਟੀਮ ਨੇ ਫ਼ੈਸਲਾ ਕੀਤਾ ਸੀ ਕਿ ਫ਼ਿਲਮ ਨੂੰ ਤਿੰਨ ਹਿੱਸਿਆਂ ‘ਚ ਰਿਲੀਜ਼ ਕੀਤਾ ਜਾਵੇਗਾ ਪਰ ਹੁਣ ਕੁਝ ਵੱਖਰਾ ਦੇਖਣ ਨੂੰ ਮਿਲਿਆ ਹੈ। ਇਸ ਫ਼ਿਲਮ ਦਾ ਅਹਿਮ ਹਿੱਸਾ ਰਹੇ ਅਦਾਕਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਸਟੋਰੀ ‘ਚ ‘ਵਾਰਨਿੰਗ’ ਦੀ ਸਕ੍ਰਿਪਟ ਦੀ ਇੱਕ ਤਸਵੀਰ ਹੈ, ਜਿੱਥੇ ਉਸ ਨੇ ਲਿਖਿਆ ਸੀ ‘ਵਾਰਨਿੰਗ 2 ਤਿੰਨ ਨਹੀਂ ਚਾਰ ਭਾਗਾਂ ‘ਚ ਆਵੇਗੀ। ਇਹ ਸਿੱਧੇ ਤੌਰ ‘ਤੇ ਦਰਸਾਉਂਦਾ ਹੈ ਕਿ ਹੁਣ ਇਹ ਫ਼ਿਲਮ ਤਿੰਨ ਭਾਗਾਂ ‘ਚ ਨਹੀਂ ਆਵੇਗੀ ਸਗੋਂ ਚਾਰ ਭਾਗਾਂ ‘ਚ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ‘ਵਾਰਨਿੰਗ’ ਦਾ ਪਹਿਲਾ ਭਾਗ ਬਲਾਕਬਸਟਰ ਰਿਹਾ ਹੈ। ਟੀਮ ਆਪਣੇ ਪ੍ਰਸ਼ੰਸਕਾਂ ਨੂੰ ਆਉਣ ਵਾਲੀ ਐਕਸ਼ਨ ਫ਼ਿਲਮ ਨਾਲ ਰੋਮਾਂਚਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਨੂੰ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜਦੋਂਕਿ ਗਿੱਪੀ ਗਰੇਵਾਲ ਦੁਆਰਾ ਲਿਖਿਆ ਗਿਆ ਹੈ ਅਤੇ ਖ਼ੁਦ ਉਹ ਨਿਰਮਾਤਾ ਹਨ। ਫ਼ਿਲਮ ‘ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ, ਅਸ਼ੀਸ਼ ਦੁੱਗਲ, ਅਮਨ ਕੋਟਿਸ਼, ਮਹਾਬੀਰ ਭੁੱਲਰ ਮੁੱਖ ਭੂਮਿਕਾਵਾਂ ‘ਚ ਹਨ।